ਗਿਣਤੀ 21 — Punjabi
The Indian Revised Version (IRV) Punjabi — Gurmukhi — read the same chapter in the KJV any time from the Languages section at the end of Quick Settings. Read this chapter with JFB commentary (KJV) · Search the Bible (KJV)
“Search the scriptures; for in them ye think ye have eternal life: and they are they which testify of me.” — John 5:39
Text: Indian Revised Version (IRV) Punjabi © 2017, 2019 Bridge Connectivity Solutions — used under CC BY-SA 4.0; format converted for this reader. · Download this text (JSON, CC BY-SA)
1ਤਦ ਅਰਾਦ ਦਾ ਕਨਾਨੀ ਰਾਜਾ, ਜਿਹੜਾ ਦੱਖਣ ਦੇਸ ਵਿੱਚ ਰਹਿੰਦਾ ਸੀ, ਉਸ ਨੇ ਸੁਣਿਆ ਕਿ ਇਸਰਾਏਲੀ ਅਥਾਰੀਮ ਦੇ ਰਾਹ ਤੋਂ ਆ ਰਹੇ ਹਨ ਤਦ ਉਹ ਇਸਰਾਏਲ ਨਾਲ ਲੜਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਗੁਲਾਮ ਬਣਾ ਲਿਆ।
2ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਪ੍ਰਣ ਕਰਕੇ ਆਖਿਆ, ਜੇ ਤੂੰ ਇਨ੍ਹਾਂ ਲੋਕਾਂ ਨੂੰ ਸੱਚ-ਮੁੱਚ ਸਾਡੇ ਹੱਥ ਵਿੱਚ ਦੇ ਦੇਵੇਂ ਤਾਂ ਅਸੀਂ ਉਨ੍ਹਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਦਿਆਂਗੇ।
3ਤਦ ਯਹੋਵਾਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਹਨਾਂ ਦੇ ਵੱਸ ਵਿੱਚ ਕਰ ਦਿੱਤਾ, ਤਦ ਉਨ੍ਹਾਂ ਨੇ ਉਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਦਿੱਤਾ ਅਤੇ ਉਸ ਥਾਂ ਦਾ ਨਾਮ ਹਾਰਮਾਹ ਪੈ ਗਿਆ।
4ਤਦ ਉਨ੍ਹਾਂ ਨੇ ਹੋਰ ਨਾਮ ਦੇ ਪਰਬਤ ਤੋਂ, ਲਾਲ ਸਮੁੰਦਰ ਵੱਲ ਅਦੋਮ ਦੇਸ ਦੇ ਬਾਹਰੋਂ, ਕੂਚ ਕੀਤਾ ਪਰ ਲੰਬੇ ਸਫ਼ਰ ਦੇ ਕਾਰਨ ਪਰਜਾ ਰਾਹ ਵਿੱਚ ਪਰੇਸ਼ਾਨ ਹੋ ਗਈ।
5ਇਸ ਕਾਰਨ ਪਰਜਾ ਯਹੋਵਾਹ ਅਤੇ ਮੂਸਾ ਦੇ ਵਿਰੁੱਧ ਬੋਲੀ ਕਿ ਤੁਸੀਂ ਸਾਨੂੰ ਮਿਸਰ ਵਿੱਚੋਂ ਜੰਗਲ ਵਿੱਚ ਕਿਉਂ ਲੈ ਆਏ, ਤਾਂ ਜੋ ਅਸੀਂ ਉਜਾੜ ਵਿੱਚ ਮਰ ਜਾਈਏ? ਇੱਥੇ ਨਾ ਤਾਂ ਰੋਟੀ ਹੈ, ਨਾ ਹੀ ਪਾਣੀ ਹੈ। ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ!
6ਤਦ ਯਹੋਵਾਹ ਨੇ ਪਰਜਾ ਵਿੱਚ ਤੇਜ ਜ਼ਹਿਰੀਲੇ ਸੱਪ ਭੇਜੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਡੱਸਿਆ, ਤਦ ਇਸਰਾਏਲੀਆਂ ਵਿੱਚੋਂ ਬਹੁਤ ਲੋਕ ਮਰ ਗਏ।
7ਫੇਰ ਪਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਅਸੀਂ ਪਾਪ ਕੀਤਾ ਜੋ ਅਸੀਂ ਤੇਰੇ ਅਤੇ ਯਹੋਵਾਹ ਦੇ ਵਿਰੁੱਧ ਬੋਲੇ। ਹੁਣ, ਯਹੋਵਾਹ ਅੱਗੇ ਬੇਨਤੀ ਕਰ ਕਿ ਉਹ ਸਾਡੇ ਕੋਲੋਂ ਇਹਨਾਂ ਸੱਪਾਂ ਨੂੰ ਮੋੜ ਲਵੇ। ਤਦ ਮੂਸਾ ਨੇ ਪਰਜਾ ਦੇ ਲਈ ਬੇਨਤੀ ਕੀਤੀ।
8ਯਹੋਵਾਹ ਨੇ ਮੂਸਾ ਨੂੰ ਆਖਿਆ, ਇੱਕ ਜ਼ਹਿਰੀਲਾ ਸੱਪ ਬਣਾ ਕੇ ਉਸ ਨੂੰ ਇੱਕ ਡੰਡੇ ਉੱਤੇ ਰੱਖਦੇ, ਤਦ ਅਜਿਹਾ ਹੋਵੇਗਾ ਕਿ ਜੋ ਕੋਈ ਡੱਸਿਆ ਜਾਵੇ, ਉਸ ਸੱਪ ਨੂੰ ਵੇਖ ਲਵੇ ਤਾਂ ਉਹ ਆਪਣੀ ਜਾਨ ਨੂੰ ਬਚਾ ਲਵੇਗਾ।
9ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ, ਉਸ ਨੂੰ ਡੰਡੇ ਉੱਤੇ ਰੱਖਿਆ ਤਾਂ ਅਜਿਹਾ ਹੋਇਆ ਕਿ ਜਦ ਸੱਪ ਕਿਸੇ ਮਨੁੱਖ ਨੂੰ ਡੱਸਦਾ ਸੀ, ਤਾਂ ਉਹ ਪਿੱਤਲ ਦੇ ਸੱਪ ਵੱਲ ਨਜ਼ਰ ਕਰਦਾ ਸੀ ਅਤੇ ਆਪਣੀ ਜਾਨ ਨੂੰ ਬਚਾ ਲੈਂਦਾ ਸੀ।
10ਫੇਰ ਇਸਰਾਏਲ ਨੇ ਕੂਚ ਕਰਕੇ, ਓਬੋਥ ਵਿੱਚ ਡੇਰੇ ਲਾਏ।
11ਫੇਰ ਓਬੋਥ ਤੋਂ ਕੂਚ ਕਰਕੇ, ਈਯੇਅਬਾਰੀਮ ਦੀ ਉਸ ਉਜਾੜ ਵਿੱਚ, ਜਿਹੜੀ ਮੋਆਬ ਦੇ ਸਾਹਮਣੇ ਪੂਰਬ ਦਿਸ਼ਾ ਵੱਲ ਹੈ, ਡੇਰੇ ਲਾਏ।
12ਉੱਥੋਂ ਕੂਚ ਕਰਕੇ ਜ਼ਰਦ ਦੀ ਵਾਦੀ ਵਿੱਚ ਡੇਰੇ ਲਾਏ।
13ਫੇਰ ਉੱਥੋਂ ਕੂਚ ਕਰ ਕੇ ਉਨ੍ਹਾਂ ਨੇ ਆਪਣੇ ਡੇਰੇ ਅਰਨੋਨ ਨਦੀ ਦੇ ਦੂਜੇ ਪਾਸੇ ਲਾਏ, ਜਿਹੜੀ ਉਜਾੜ ਵਿੱਚ ਦੀ ਅਮੋਰੀਆਂ ਦੀ ਸਰਹੱਦ ਤੋਂ ਨਿੱਕਲਦੀ ਹੈ ਕਿਉਂ ਜੋ ਅਰਨੋਨ ਮੋਆਬ ਦੀ ਹੱਦ ਉੱਤੇ ਮੋਆਬ ਅਤੇ ਅਮੋਰੀਆਂ ਦੇ ਵਿਚਕਾਰ ਹੈ।
14ਇਸ ਲਈ ਯਹੋਵਾਹ ਦੀ ਜੰਗ ਨਾਮ ਦੀ ਪੁਸਤਕ ਵਿੱਚ ਲਿਖਿਆ ਹੈ: ਵਾਹੇਬ ਜਿਹੜਾ ਸੂਫ਼ਾਹ ਵਿੱਚ ਹੈ, ਅਤੇ ਅਰਨੋਨ ਦੀਆਂ ਵਾਦੀਆਂ।
15ਅਤੇ ਵਾਦੀਆਂ ਦੀ ਢਾਲ਼, ਜਿਹੜੀ ਆਰ ਦੀ ਵੱਸੋਂ ਤੱਕ ਫੈਲੀ ਹੋਈ ਹੈ ਅਤੇ ਮੋਆਬ ਦੀ ਸਰਹੱਦ ਨਾਲ ਲੱਗਦੀ ਹੈ।
16ਉੱਥੋਂ ਉਹ ਬਏਰ ਨੂੰ ਗਏ ਜਿੱਥੇ ਉਹ ਖੂਹ ਹੈ ਜਿਸ ਦੇ ਵਿਖੇ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ ਕਿ ਪਰਜਾ ਨੂੰ ਇਕੱਠਾ ਕਰ ਅਤੇ ਮੈਂ ਉਨ੍ਹਾਂ ਨੂੰ ਪਾਣੀ ਦਿਆਂਗਾ।
17ਤਦ ਇਸਰਾਏਲ ਨੇ ਇਹ ਗੀਤ ਗਾਇਆ: ਹੇ ਖੂਹ, ਉਮੜ੍ਹ ਆ! ਉਸ ਲਈ ਗਾਓ।
18ਉਹ ਖੂਹ ਜਿਸ ਨੂੰ ਹਾਕਮਾਂ ਨੇ ਪੁੱਟਿਆ, ਅਤੇ ਲੋਕਾਂ ਦੇ ਪਤਵੰਤਾਂ ਨੇ ਆੱਸੇ ਨਾਲ ਅਤੇ ਆਪਣੀਆਂ ਲਾਠੀਆਂ ਨਾਲ ਕੱਢਿਆ!
19ਉਹ ਫੇਰ ਉਜਾੜ ਤੋਂ ਮੱਤਾਨਾਹ ਨੂੰ ਗਏ ਅਤੇ ਮੱਤਾਨਾਹ ਤੋਂ ਨਹਲੀਏਲ ਨੂੰ ਅਤੇ ਨਹਲੀਏਲ ਤੋਂ ਬਾਮੋਥ ਨੂੰ।
20ਅਤੇ ਬਾਮੋਥ ਤੋਂ ਉਸ ਘਾਟੀ ਨੂੰ ਜਿਹੜੀ ਮੋਆਬ ਦੇ ਮੈਦਾਨ ਵਿੱਚ ਹੈ, ਫੇਰ ਪਿਸਗਾਹ ਦੀ ਟੀਸੀ ਨੂੰ ਜਿਹੜੀ ਉਜਾੜ ਵੱਲ ਨੂੰ ਝੁਕੀ ਹੋਈ ਹੈ।
21ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕ ਭੇਜੇ,
22ਤੁਸੀਂ ਸਾਨੂੰ ਆਪਣੇ ਦੇਸ਼ ਦੇ ਵਿੱਚੋਂ ਦੀ ਲੰਘ ਜਾਣ ਦਿਓ। ਅਸੀਂ ਖੇਤ, ਅੰਗੂਰਾਂ ਦੇ ਬਾਗ਼ਾਂ ਵਿੱਚ ਨਹੀਂ ਵੜਾਂਗੇ, ਨਾ ਅਸੀਂ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸ਼ਾਹੀ ਸੜਕ ਰਾਹੀਂ ਚੱਲਾਂਗੇ ਜਦ ਤੱਕ ਤੁਹਾਡੀਆਂ ਹੱਦਾਂ ਤੋਂ ਪਾਰ ਨਾ ਲੰਘ ਜਾਈਏ।
23ਪਰ ਸੀਹੋਨ ਨੇ ਇਸਰਾਏਲ ਨੂੰ ਆਪਣੀਆਂ ਹੱਦਾਂ ਦੇ ਵਿੱਚ ਦੀ ਨਾ ਲੰਘਣ ਦਿੱਤਾ, ਪਰ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕੀਤੇ ਅਤੇ ਇਸਰਾਏਲ ਦਾ ਸਾਹਮਣਾ ਕਰਨ ਲਈ ਉਜਾੜ ਵਿੱਚ ਯਹਸ ਨੂੰ ਗਿਆ ਅਤੇ ਇਸਰਾਏਲ ਨਾਲ ਲੜਿਆ।
24ਤਦ ਇਸਰਾਏਲ ਨੇ ਉਹ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਅਰਨੋਨ ਤੋਂ ਯਬੋਕ ਨਦੀ ਤੱਕ ਅਰਥਾਤ ਅੰਮੋਨੀਆਂ ਤੱਕ ਉਹ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਕਿਉਂ ਜੋ ਅੰਮੋਨੀਆਂ ਦੀ ਹੱਦ ਪੱਕੀ ਸੀ।
25ਅਤੇ ਇਸਰਾਏਲ ਨੇ ਇਹ ਸਾਰੇ ਸ਼ਹਿਰ ਲੈ ਲਏ ਅਤੇ ਇਸਰਾਏਲ ਹਸ਼ਬੋਨ ਵਿੱਚ ਅਮੋਰੀਆਂ ਦੇ ਸਾਰੇ ਸ਼ਹਿਰਾਂ ਅਤੇ ਉਸ ਦੇ ਸਾਰੇ ਪਿੰਡਾਂ ਵਿੱਚ ਵੱਸ ਗਿਆ।
26ਕਿਉਂ ਜੋ ਹਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ, ਜਿਸ ਨੇ ਮੋਆਬ ਦੇ ਅਗਲੇ ਰਾਜੇ ਨਾਲ ਲੜ ਕੇ ਉਸ ਦੇ ਸਾਰੇ ਦੇਸ ਨੂੰ ਉਸ ਦੇ ਹੱਥੋਂ ਅਰਨੋਨ ਤੱਕ ਜਿੱਤ ਲਿਆ ਸੀ।
27ਇਸ ਲਈ ਕਵੀ ਆਖਦੇ ਹਨ: ਹਸ਼ਬੋਨ ਵਿੱਚ ਆਓ, ਸੀਹੋਨ ਦਾ ਸ਼ਹਿਰ ਬਣਾਇਆ ਅਤੇ ਪੱਕਾ ਕੀਤਾ ਜਾਵੇ।
28ਕਿਉਂ ਜੋ ਅੱਗ ਹਸ਼ਬੋਨ ਤੋਂ ਨਿੱਕਲੀ, ਅਤੇ ਸੀਹੋਨ ਦੇ ਨਗਰ ਤੋਂ ਇੱਕ ਲਾਟ, ਮੋਆਬ ਦੇ ਆਰ ਨਗਰ ਨੂੰ ਭਸਮ ਕੀਤਾ, ਨਾਲੇ ਅਰਨੋਨ ਦੇ ਉਚਿਆਈਆਂ ਵਿੱਚ ਵੱਸਣ ਵਾਲੇ ਮਾਲਕਾਂ ਨੂੰ ਵੀ ਤਬਾਹ ਕੀਤਾ।
29ਹੇ ਮੋਆਬ, ਤੇਰੇ ਉੱਤੇ ਹਾਏ! ਹੇ ਕਮੋਸ਼ ਦੇ ਪੁਜਾਰੀਓ, ਤੁਸੀਂ ਬਰਬਾਦ ਹੋਏ! ਉਸ ਨੇ ਆਪਣੇ ਪੁੱਤਰਾਂ ਨੂੰ ਭਗੌੜਿਆਂ ਵਾਂਗੂੰ ਛੱਡਿਆ, ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜਾ ਸੀਹੋਨ ਦੀ ਦਾਸੀਆਂ ਬਣਾ ਦਿੱਤਾ!
30ਅਸੀਂ ਉਨ੍ਹਾਂ ਉੱਤੇ ਜਿੱਤ ਪ੍ਰਾਪਤ ਕੀਤੀ, ਹਸ਼ਬੋਨ, ਦੀਬੋਨ ਸ਼ਹਿਰ ਤੱਕ ਬਰਬਾਦ ਹੋਇਆ, ਅਤੇ ਅਸੀਂ ਨੋਫ਼ਾਹ ਅਤੇ ਮੇਦਬਾ ਸ਼ਹਿਰ ਤੱਕ ਤਬਾਹ ਕੀਤਾ ਹੈ।
31ਇਸ ਤਰ੍ਹਾਂ ਇਸਰਾਏਲ ਅਮੋਰੀਆਂ ਦੇ ਖੇਤਰ ਵਿੱਚ ਵੱਸਿਆ।
32ਫੇਰ ਮੂਸਾ ਨੇ ਯਾਜ਼ੇਰ ਦਾ ਭੇਤ ਜਾਣਨ ਲਈ ਮਨੁੱਖ ਘੱਲੇ ਅਤੇ ਉਨ੍ਹਾਂ ਨੇ ਉਸ ਦੇ ਪਿੰਡਾਂ ਨੂੰ ਵੱਸ ਵਿੱਚ ਕਰ ਲਿਆ ਅਤੇ ਉੱਥੋਂ ਦੇ ਅਮੋਰੀਆਂ ਨੂੰ ਕੱਢ ਦਿੱਤਾ।
33ਫੇਰ ਮੁੜ ਕੇ ਉਹ ਬਾਸ਼ਾਨ ਦੇ ਰਾਹ ਤੋਂ ਉਤਾਹਾਂ ਨੂੰ ਗਏ ਅਤੇ ਓਗ ਬਾਸ਼ਾਨ ਦਾ ਰਾਜਾ ਅਤੇ ਉਸ ਦੀ ਸਾਰੀ ਪਰਜਾ ਉਹਨਾਂ ਦਾ ਸਾਹਮਣਾ ਕਰਨ ਲਈ ਬਾਹਰ ਆਈ ਅਤੇ ਅਦਰਈ ਵਿੱਚ ਉਨ੍ਹਾਂ ਦੇ ਨਾਲ ਯੁੱਧ ਕੀਤਾ।
34ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ ਅਤੇ ਉਸ ਦੀ ਸਾਰੀ ਸੈਨਾਂ ਨੂੰ ਅਤੇ ਉਸ ਦੇ ਦੇਸ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ। ਤੂੰ ਉਸ ਦੇ ਨਾਲ ਉਸੇ ਤਰ੍ਹਾਂ ਕਰੇਂਗਾ ਜਿਵੇਂ ਤੂੰ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਜੋ ਹਸ਼ਬੋਨ ਵਿੱਚ ਵੱਸਦਾ ਸੀ।
35ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਉਸ ਦੀ ਸਾਰੀ ਸੈਨਾਂ ਨੂੰ ਅਜਿਹਾ ਮਾਰਿਆ ਕਿ ਉਨ੍ਹਾਂ ਦਾ ਕੱਖ ਵੀ ਨਾ ਰਿਹਾ ਅਤੇ ਉਨ੍ਹਾਂ ਨੇ ਉਸ ਦੀ ਧਰਤੀ ਉੱਤੇ ਵੀ ਕਬਜ਼ਾ ਕਰ ਲਿਆ।